
Thursday Feb 27, 2025
28 Feb, World NEWS - Radio Haanji
ਗਾਜ਼ਾ ਪੱਟੀ ਵਿੱਚ ਜੰਗਬੰਦੀ ਦੇ ਪਹਿਲੇ ਪੜਾਅ ਦੇ ਸਮਾਪਤ ਹੋਣ ਤੋਂ ਕੁਝ ਦਿਨ ਪਹਿਲਾਂ, ਹਮਾਸ ਨੇ ਇਜ਼ਰਾਈਲ ਵੱਲੋਂ ਸੈਂਕੜੇ ਫਲਸਤੀਨੀ ਕੈਦੀਆਂ ਦੀ ਰਿਹਾਈ ਦੇ ਬਦਲੇ ਵੀਰਵਾਰ ਸਵੇਰੇ ਚਾਰ ਬੰਦੀਆਂ ਦੀਆਂ ਲਾਸ਼ਾਂ ਰੈੱਡ ਕਰਾਸ ਨੂੰ ਸੌਂਪੀਆਂ। ਇਜ਼ਰਾਈਲੀ ਸੁਰੱਖਿਆ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਇਹ ਮ੍ਰਿਤਕ ਦੇਹਾਂ ਰੈੱਡ ਕਰਾਸ ਨੂੰ ਸੌਂਪੀਆਂ ਗਈਆਂ ਹਨ। ਇਜ਼ਰਾਈਲ ਨੇ ਦੱਸਿਆ ਕਿ ਇਹ ਤਾਬੂਤ ਮਿਸਰੀ ਵਿਚੋਲਿਆਂ ਦੀ ਮਦਦ ਨਾਲ ਇਜ਼ਰਾਈਲੀ ਸਰਹੱਦ ਰਾਹੀਂ ਲਿਆਂਦੇ ਗਏ ਸਨ ਅਤੇ ਪਛਾਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।
ਇਸ ਦੇ ਨਾਲ ਹੀ, ਰੈੱਡ ਕਰਾਸ ਦਾ ਇੱਕ ਕਾਫ਼ਲਾ ਕਈ ਦਰਜਨ ਰਿਹਾਅ ਕੀਤੇ ਗਏ ਫਲਸਤੀਨੀ ਕੈਦੀਆਂ ਨੂੰ ਲੈ ਕੇ ਇਜ਼ਰਾਈਲ ਦੀ ਓਫਰ ਜੇਲ੍ਹ ਤੋਂ ਰਵਾਨਾ ਹੋਇਆ। ਵੈਸਟ ਬੈਂਕ ਦੇ ਸ਼ਹਿਰ ਬੇਟੂਨੀਆ ਵਿੱਚ ਖੁਸ਼ੀ ਮਨਾਉਂਦੇ ਪਰਿਵਾਰਾਂ, ਦੋਸਤਾਂ ਅਤੇ ਸਮਰਥਕਾਂ ਦੀ ਭੀੜ ਇਕੱਠੀ ਹੋ ਗਈ, ਜਿਨ੍ਹਾਂ ਨੇ ਰਿਹਾਅ ਹੋਏ ਕੈਦੀਆਂ ਨੂੰ ਵਧਾਈਆਂ ਦਿੱਤੀਆਂ, ਉਨ੍ਹਾਂ ਨੂੰ ਗਲਵੱਕੜੀ ਵਿੱਚ ਲਿਆ ਅਤੇ ਤਸਵੀਰਾਂ ਖਿਚਵਾਈਆਂ। ਹਮਾਇਤੀਆਂ ਦੇ ਮੋਡਿਆਂ 'ਤੇ ਚੜ੍ਹੇ ਰਿਹਾਅ ਕੀਤੇ ਵਿਅਕਤੀ ਨੇ ਜੇਤੂ ਨਿਸ਼ਾਨ ਬਣਾਇਆ ਅਤੇ ਲੋਕਾਂ ਨੇ 'ਰੱਬ ਮਹਾਨ ਹੈ' ਦੇ ਨਾਅਰੇ ਲਾਏ। ਇਨ੍ਹਾਂ ਵਿੱਚੋਂ ਬਹੁਤਿਆਂ ਨੂੰ 7 ਅਕਤੂਬਰ, 2023 ਦੇ ਹਮਲਿਆਂ ਤੋਂ ਬਾਅਦ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਉਨ੍ਹਾਂ 'ਤੇ ਕਦੇ ਵੀ ਦੋਸ਼ ਨਹੀਂ ਲਗਾਏ ਗਏ ਸਨ।
ਇਜ਼ਰਾਈਲ ਨੇ ਹਮਾਸ ਵੱਲੋਂ ਬੰਦੀਆਂ ਨਾਲ ਕੀਤੇ ਗਏ ਮਾੜੇ ਸਲੂਕ ਦੇ ਵਿਰੋਧ ਵਿੱਚ ਸ਼ਨਿੱਚਰਵਾਰ ਨੂੰ 600 ਤੋਂ ਵੱਧ ਫਲਸਤੀਨੀ ਕੈਦੀਆਂ ਦੀ ਰਿਹਾਈ ਰੋਕ ਦਿੱਤੀ ਸੀ। ਹਮਾਸ ਨੇ ਇਸ ਦੇਰੀ ਨੂੰ ਜੰਗਬੰਦੀ ਦੀ 'ਗੰਭੀਰ ਉਲੰਘਣਾ' ਦੱਸਿਆ ਸੀ ਅਤੇ ਕਿਹਾ ਸੀ ਕਿ ਦੂਜੇ ਪੜਾਅ ਦੀ ਗੱਲਬਾਤ ਉਦੋਂ ਤੱਕ ਸੰਭਵ ਨਹੀਂ ਹੈ ਜਦੋਂ ਤੱਕ ਫਲਸਤੀਨੀ ਕੈਦੀਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ।
Comments (0)
To leave or reply to comments, please download free Podbean or
No Comments
To leave or reply to comments,
please download free Podbean App.