Friday Jun 14, 2024

Uber ਡਰਾਈਵਰ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ - ਪੰਜਾਬੀ ਮੂਲ ਦਾ ਇੰਟਰਨੈਸ਼ਨਲ ਸਟੂਡੈਂਟ ਹੁਣ ਘਰ ਛੱਡਣ ਲਈ ਹੋਇਆ ਮਜਬੂਰ | Gautam Kapil | Radio Haanji

Uber ਡਰਾਈਵਰ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ - ਪੰਜਾਬੀ ਮੂਲ ਦਾ ਇੰਟਰਨੈਸ਼ਨਲ ਸਟੂਡੈਂਟ ਹੁਣ ਘਰ ਛੱਡਣ ਲਈ ਹੋਇਆ ਮਜਬੂਰ
ਮਈ ਮਹੀਨੇ ਦੀ 21 ਤਾਰੀਖ਼ ਨੂੰ ਮੈਲਬੌਰਨ ਦੇ Clyde 'ਚ ਰਹਿਣ ਵਾਲੇ ਲਵਪ੍ਰੀਤ ਸਿੰਘ ਨੇ ਆਪਣੀ Uber ਚਲਾਉਣੀ ਆਮ ਦਿਨਾਂ ਵਾਂਗ ਹੀ ਸ਼ੁਰੂ ਕੀਤੀ ਸੀ। ਪਰ ਜਦੋਂ ਉਸਨੂੰ job ਆਈ ਤਾਂ ਨਹੀਂ ਸੀ ਪਤਾ ਕਿ ਘਰੋਂ ਤਿਆਰ ਹੋ ਕੇ ਨਿਕਲੇ ਲਵਪ੍ਰੀਤ ਲਈ ਉਹ ਜ਼ਿੰਦਗੀ ਦਾ ਸਭ ਤੋਂ ਭਿਆਨਕ ਦਿਨ ਹੋਵੇਗਾ। ਦੁਪਿਹਰ ਵੇਲੇ ਕੰਮ ਸ਼ੁਰੂ ਕੀਤਾ ਅਤੇ ਸਵਾਰੀ ਵੀ ਉਸੇ ਸਬ-ਅਰਬ ਤੋਂ ਚੁੱਕਣੀ ਸੀ।
ਜਿਸ ਨੇ ride ਬੁੱਕ ਕੀਤੀ (ਲਵਪ੍ਰੀਤ ਮੁਤਾਬਕ ਅਫਰੀਕੀ ਮੂਲ ਦਾ ਲੱਗਦਾ ਸੀ) ਉਸਨੇ ਲਵਪ੍ਰੀਤ ਨੂੰ ਬੇਨਤੀ ਕੀਤੀ ਕਿ ਮੇਰੀ ਪਿੱਠ 'ਚ ਦਰਦ ਹੈ, ਮੇਰੇ ਘਰੋਂ ਤਿੰਨ ਅਟੈਚੀ ਚੁੱਕਣ ਵਿਚ ਮਦਦ ਕਰ ਦਿਓ। ਭਲਾਈ ਕਰਨ ਖਾਤਰ ਲਵਪ੍ਰੀਤ ਜਿਵੇਂ ਹੀ ਅੰਦਰ ਵੜਿਆ, ਪਿੱਛੋਂ ਆਉਂਦੇ ਉਸ ਵਿਅਕਤੀ ਨੇ ਤੇਜ਼ਧਾਰ ਚਾਕੂ ਨਾਲ ਲਵਪ੍ਰੀਤ 'ਤੇ ਹਮਲਾ ਬੋਲ ਦਿੱਤਾ। ਪਹਿਲਾ ਵਾਰ ਗਰਦਨ ਦੇ ਪਿੱਛੇ ਕੀਤਾ ਤਾਂ ਉਹ ਹੇਠਾਂ ਡਿੱਗ ਪਿਆ। ਦੂਜਾ ਵਾਰ ਕਰਨ ਤੋਂ ਪਹਿਲਾਂ ਲਵਪ੍ਰੀਤ ਨੇ ਉਸਨੂੰ ਕਿਹਾ ਕਿ ਮੇਰਾ ਪਰਿਵਾਰ ਹੈ, ਤੂੰ ਇੰਝ ਕਿਉਂ ਕਰ ਰਿਹਾ? ਜਵਾਬ ਮਿਲਿਆ ਕਿ ਮੈਂ ਵੀ ਆਪਣੇ ਪਰਿਵਾਰ ਲਈ ਹੀ ਕਰ ਰਿਹਾ। ਬੜੀ ਹਿੰਮਤ ਨਾਲ ਲਵਪ੍ਰੀਤ ਨੇ ਖੱਬੇ ਹੱਥੀਂ ਚਾਕੂ ਦਾ ਵਾਰ ਰੋਕਿਆ ਤਾਂ ਉਸਦਾ ਹੱਥ ਲਹੂ ਲੁਹਾਣ ਹੋ ਗਿਆ। ਜਿਵੇਂ ਤਿਵੇਂ ਉਸ 'ਤੇ ਹੋਏ ਕਈ ਹਮਲਿਆਂ ਨੂੰ ਰੋਕਦਾ ਸਹਿੰਦਾ, ਲਵਪ੍ਰੀਤ ਭੱਜ ਕੇ ਬਾਹਰ ਆ ਗਿਆ। ਗਲੀ 'ਚੋਂ ਬਾਹਰ ਨਿਕਲਿਆ ਤਾਂ ਆਪਣੇ ਭਰਾ ਨੂੰ ਮਦਦ ਲਈ ਫੋਨ ਕੀਤਾ।
ਕਈ ਦਿਨ ਹਸਪਤਾਲ 'ਚ ਭਰਤੀ ਰਿਹਾ ਪਰ ਹੁਣ ਜਾਨ ਖਤਰੇ ਤੋਂ ਬਾਹਰ ਹੈ। ਲਵਪ੍ਰੀਤ ਦੇ ਚਚੇਰੇ ਭਰਾ ਕਰਨਬੀਰ ਨੇ ਰੇਡੀਓ ਹਾਂਜੀ ਨੂੰ ਜ਼ੇਰੇ ਇਲਾਜ ਲਵਪ੍ਰੀਤ ਦੀਆਂ ਫੋਟੋਆਂ ਭੇਜੀਆਂ ਅਤੇ ਸਾਰੀ ਵਾਰਦਾਤ ਦੱਸੀ। ਕਿਹਾ ਸ਼ੱਕ ਇਹ ਸੀ ਕਿ ride ਬੁੱਕ ਕਰਨ ਵਾਲੇ ਵਿਅਕਤੀ ਦੀ ਮੰਸ਼ਾ ਹੋ ਸਕਦਾ, ਗੱਡੀ ਖੋਹਣ ਦੀ ਹੋਵੇ ਅਤੇ ਲਵਪ੍ਰੀਤ ਨੂੰ ਜਾਨ ਤੋਂ ਮਾਰ ਦੇਣ ਦੇ ਇਰਾਦੇ ਨਾਲ ਉਸਨੇ ਇੱਕ ਨਹੀਂ ਪਰ ਸ਼ਰੀਰ ਦੇ ਕਈ ਹਿੱਸਿਆਂ 'ਤੇ ਵਾਰ ਕੀਤੇ। ਕਰਨਬੀਰ ਮੁਤਾਬਕ, "ਸ਼੍ਰੀ ਗੁਰੂ ਤੇਗ ਬਹਾਦੁਰ ਪਾਤਸ਼ਾਹ ਨੇ ਮੇਰੇ ਭਰਾ ਨੂੰ ਬਚਾਅ ਲਿਆ, ਅਸੀਂ ਕੋਈ ਫੰਡ ਨਹੀਂ ਇਕੱਠਾ ਕਰ ਰਹੇ, ਪਰ ਦੱਸਣਾ ਚਾਹੁੰਦੇ ਹਾਂ, ਕਿ ਇਹ job ਕਿੰਨੀ ਜੋਖਮ ਭਰੀ ਬਣ ਸਕਦੀ ਹੈ, ਜੇ ਸਾਵਧਾਨੀ ਨਾ ਵਰਤੀ ਜਾਵੇ"।
ਲਵਪ੍ਰੀਤ ਹਾਲੇ ਕੁਝ ਸਾਲ ਪਹਿਲਾਂ ਹੀ ਆਸਟ੍ਰੇਲੀਆ ਆਇਆ ਸੀ। ਆਪਣੀ ਪਤਨੀ ਅਤੇ 4 ਸਾਲ ਦੇ ਬੇਟੇ ਨਾਲ ਸਟੂਡੈਂਟ ਵੀਜ਼ਾ 'ਤੇ ਰਹਿ ਰਿਹਾ ਹੈ। ਅੱਜ ਤੱਕ ਕੋਈ ਅਪਰਾਧਕ ਪਿਛੋਕੜ ਨਹੀਂ ਹੈ। ਪਰ ਹੁਣ ਕੰਮ ਦੇਣ ਵਾਲੀ ਕੰਪਨੀ Uber ਵੀ ਪਿੱਛੇ ਹਟ ਰਹੀ ਹੈ। Work Compensation ਲਈ ਲਵਪ੍ਰੀਤ ਦੇ ਕੇਸ ਨੂੰ ਕਮਜ਼ੋਰ ਦੱਸਿਆ ਜਾ ਰਿਹਾ ਹੈ।
ਖੌਫ਼ਜ਼ਦਾ ਹੋਇਆ ਲਵਪ੍ਰੀਤ ਇਸ ਵੇਲੇ ਕਿਰਾਏ ਦੇ ਘਰ 'ਤੇ ਰਹਿ ਰਿਹਾ ਹੈ ਅਤੇ ਕਰਨਬੀਰ ਅਨੁਸਾਰ ਉਹ ਘਰ ਛੱਡਣ ਲਈ ਮਜ਼ਬੂਰ ਹੈ। ਉਸਨੂੰ ਲੱਗਦਾ ਹੈ ਕਿ ride book ਕਰਨ ਵਾਲੇ ਸ਼ਖਸ ਕੋਲ ਉਸਦੀ ਸਾਰੀ ਜਾਣਕਾਰੀ ਹੈ, ਬਿਨਾਂ ਕਿਸੇ ਦੁਸ਼ਮਣੀ ਦੇ ਬਾਵਜੂਦ ਉਹ ਕਿਤੇ ਫੇਰ ਤੋਂ ਹਮਲਾ ਨਾ ਕਰ ਦੇਵੇ। ਪੁਲਿਸ ਨੇ ਵੀ ਕਾਰਵਾਈ ਨੂੰ ਸਖਤੀ ਨਾਲ ਅੱਗੇ ਨਹੀਂ ਤੋਰਿਆ।

Comments (0)

To leave or reply to comments, please download free Podbean or

No Comments

Copyright 2023 All rights reserved.

Podcast Powered By Podbean

Version: 20240731